ਬਦਲਾਅ ਦੇ ਨਾਂ ‘ਤੇ ਹੋਰ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ: ਬੀਬਾ ਪਰਮਪਾਲ ਕੌਰ
ਜੀਟੀ ਰੋਡ ਅਤੇ ਭੁੱਚੋ ਮੰਡੀ ਵਿਖੇ ਭਾਜਪਾ ਦਫ਼ਤਰ ਦਾ ਉਦਘਾਟਨ ਕੀਤਾ ਗਿਆ
ਬਠਿੰਡਾ: ਬਠਿੰਡਾ ਦੇ ਜੀਟੀ ਰੋਡ ਤੇ ਭੁੱਚੋ ਮੰਡੀ ਵਿਖੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ ਗਿਆ।
ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੇਵਾਮੁਕਤ ਆਈਏਐਸ ਬੀਬਾ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਪੂਜਾ ਪਾਠ ਦੇ ਨਾਲ ਦੋਵੇਂ ਦਫ਼ਤਰਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ‘ਤੇ ਤਿੱਖਾ ਨਿਸ਼ਾਨਾ ਸਾਧਿਆ।
ਬੀਬਾ ਪਰਮਪਾਲ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਨਾਂ ‘ਤੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਧੋਖਾ ਦਿੱਤਾ ਹੈ। ਇਹੀ ਕਾਰਨ ਹੈ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਵਿਕਾਸ ਪੱਖੋਂ ਪਛੜ ਗਿਆ ਹੈ। ਅਜਿਹੇ ‘ਚ ਕੇਂਦਰ ਦੀ ਮੋਦੀ ਸਰਕਾਰ ਨੇ ਹੀ ਅਣਗਿਣਤ ਸਕੀਮਾਂ ਰਾਹੀਂ ਪੰਜਾਬ ਅਤੇ ਬਠਿੰਡਾ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ।
ਪ੍ਰੋਗਰਾਮ ਦੌਰਾਨ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ। ਬੀਬਾ ਪਰਮਪਾਲ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਦਿਆਲ ਸੋਢੀ, ਮੰਗਤ ਰਾਮ ਬਾਂਸਲ, ਵਿਨੋਦ ਕੁਮਾਰ, ਵਿਸ਼ਾਲ ਮਹੇਸ਼ਵਰੀ, ਭਾਰਤ ਭੂਸ਼ਣ ਬਿੰਟਾ ਨੇ ਵੀ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ।