Newsportal

ਸੁਖਬੀਰ ਦੱਸੇ ਕਿ ਪੰਜਾਬ ਬਚਾਉਣਾ ਕਿਸ ਤੋਂ ਹੈ?: ਖੁੱਡੀਆਂ ਪੰਜਾਬ ਦੇ ਹਿਤਾਂ ਦੀ ਪੈਰਵੀ ਲਈ ਧੜੱਲੇਦਾਰ ਨੁਮਾਇੰਦੇ ਚੁਣ ਕੇ ਭੇਜਣ ਦੀ ਅਪੀਲ

ਖੁੱਡੀਆਂ ਦੀ ਚੋਣ ਮੁਹਿੰਮ ਨੂੰ ਮਿਲ ਰਿਹੈ ਤਕੜਾ ਹੁੰਘਾਰਾ: ਗਿੱਲ- ਈਸ਼ਵਰ ਗਰਗ

0 120

ਤਲਵੰਡੀ ਸਾਬੋ/ਰਾਮਾ ਮੰਡੀ, 8 ਮਈ- ਪਾਰਲੀਮਾਨੀ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਦੇਸ਼ ਦੀ ਪੰਚਾਇਤ ’ਚ ਆਪਣਾ ਨੁਮਾਇੰਦਾ ਅਜਿਹਾ ਚੁਣ ਕੇ ਭੇਜੋ, ਜੋ ਪੰਜਾਬ ਦੇ ਹਿਤਾਂ ਧੜੱਲੇ ਨਾਲ ਲਈ ਪੈਰਵੀ ਕਰ ਸਕੇ। ਉਨ੍ਹਾਂ ਕਿਹਾ ਕਿ ਫਿਕਸ ਮੈਚ ਖੇਡਣ ਵਾਲੇ ਖਿਡਾਰੀ ਸਿਰਫ ਆਪਣੇ ਹਿਤ ਹੀ ਪਾਲਦੇ ਹਨ।
ਸ੍ਰੀ ਖੁੱਡੀਆਂ ਨੇ ਅੱਜ ਚੀਫ਼ ਵਿੱਪ੍ਹ ਪ੍ਰੋ. ਬਲਜਿੰਦਰ ਕੌਰ ਦੇ ਸਾਥ ਨਾਲ ਹਲਕਾ ਤਲਵੰਡੀ ਸਾਬੋ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ। ਇਸ ਮੁਹਿੰਮ ਦੌਰਾਨ ਭਰਵੇਂ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੀ ‘ਪੰਜਾਬ ਬਚਾਓ’ ਯਾਤਰਾ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਹੀ ਦੱਸੇ ਕਿ ਪੰਜਾਬ ਬਚਾਉਣਾ ਕਿਸ ਤੋਂ ਹੈ? ਜਿਨ੍ਹਾਂ ਦੇ ਰਾਜ ’ਚ ਬੇਅਦਬੀਆਂ ਹੋਈਆਂ ਹੋਣ ਅਤੇ ਗੁਰੂ ਸਾਹਿਬ ਦੇ ਅੰਗ ਨਾਲੀਆਂ ’ਚ ਰੁਲਦੇ ਰਹੇ ਹੋਣ ਜਾਂ ਫਿਰ ਨਸ਼ਿਆਂ ਦੇ ਦਰਿਆ ਵਗਾਉਣ ਵਾਲਿਆਂ ਤੋਂ? ਜਾਂ ਫਿਰ ਉਨ੍ਹਾਂ ਤੋਂ ਜਿਨ੍ਹਾਂ ਦੇ ਰਾਜ ’ਚ ਕੇਬਲ, ਰੇਤਾ, ਬੱਜਰੀ, ਟਰਾਂਸਪੋਰਟ, ਸ਼ਰਾਬ ਤੇ ਭੂ-ਮਾਫ਼ੀਆ ਨੇ ਚੰਮ ਦੀਆਂ ਚਲਾਈਆਂ ਹੋਣ? ਜਾਂ ਫਿਰ ਜਿਨ੍ਹਾਂ ਨੇ ਕਾਲੇ ਖੇਤੀ ਕਾਨੂੰਨਾਂ ਦੀ ਨਿਰਲੱਜਤਾ ਨਾਲ ਵਕਾਲਤ ਕੀਤੀ ਹੋਵੇ?                           ਬਠਿੰਡੇ ਲੋਕਸਭਾ ਵਿਚ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਮਿਲ ਰਿਹੈ ਤਕੜਾ ਹੁੰਘਾਰਾ: ਇਸ ਗੱਲ ਦਾ ਐਲਾਨ ਕਰਦੇ ਵਿਧਾਇਕ ਜਾਗਰੂਪ ਗਿੱਲ ਅਤੇ ਆਪ ਦੇ ਨੇਤਾ ਆਰਕੀਟੈਕਟ ਈਸ਼ਵਰ ਗਰਗ ਨੇ ਕਿਹਾ
ਕਿ ਅਕਾਲੀ ਦਲ ਦਾ ਪੰਜਾਬ ’ਚ ਭੋਗ ਪੈ ਚੁੱਕਾ ਹੈ, ਜਦ ਕਿ ਕਾਂਗਰਸ ਦਾ ਪੈਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਜਿੰਨੇ ਆਗੂ ਹਨ, ਸਭ ਵੱਖੋ-ਵੱਖਰੇ ਰਾਗ ਅਲਾਪ ਰਹੇ ਹਨ। ਉਨ੍ਹਾਂ ਕਿਹਾ ਕਿ ਉਂਜ ਵੀ 70 ਫੀਸਦੀ ਕਾਂਗਰਸੀ ਆਗੂ ਪਹਿਲਾਂ ਹੀ ਪਾਰਟੀ ਛੱਡ ਕੇ, ਹੋਰਨਾਂ ਪਾਰਟੀਆਂ ’ਚ ਜਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੀ ਕਿਸੇ ਵੀ ਸੀਟ ’ਤੇ ਕਾਂਗਰਸ ਮੁਕਾਬਲੇ ’ਚ ਨਹੀਂ ਕਿਉਂ ਕਿ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਲਈ ਸਾਰੇ ਆਗੂ ਡੱਡੂਆਂ ਵਾਂਗੂੰ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ’ਚ ਜੁਟੇ ਹੋਏ ਹਨ।
ਉਨ੍ਹਾਂ ਆਖਿਆ ਕਿ ਭਾਜਪਾ ਦੇਸ਼ ’ਚ ਫ਼ੈਡਰਲ ਸਿਸਟਮ ਦੀ ਮੁਦੱਈ ਅਤੇ ਕਿਸਾਨ ਵਿਰੋਧੀ ਹੈ। ਇਸੇ ਪਾਰਟੀ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰਕੇ ਸਮੁੱਚੀ ਖੇਤੀ ਕਾਰਪੋਰੇਟਾਂ ਦੇ ਹੱਥਾਂ ’ਚ ਦੇਣ ਦੀਆਂ ਤਰਕੀਬਾਂ ਘੜੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਰਥਚਾਰਾ ਖੇਤੀ ’ਤੇ ਨਿਰਭਰ ਹੈ ਅਤੇ ਭਾਜਪਾ ਖੇਤ ਕਿਸਾਨਾਂ ਹੱਥੋਂ ਖੋਹ ਕੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਹਿਤ ਸਿਰਫ ਆਮ ਆਦਮੀ ਪਾਰਟੀ ਦੇ ਹੱਥਾਂ ’ਚ ਹੀ ਸੁਰੱਖਿਅਤ ਰਹਿ ਸਕਦੇ ਹਨ, ਇਹ ਗੱਲ ਬੱਚੇ-ਬੱਚੇ ਨੂੰ ਪਤਾ ਲੱਗ ਚੁੱਕਾ ਹੈ। ਉਨ੍ਹਾਂ ਵਿਸ਼ਵਾਸ਼ ਨਾਲ ਕਿਹਾ ਕਿ ਪੰਜਾਬੀ ‘ਆਪ’ ਦੇ ਉਮੀਦਵਾਰਾਂ ਦੀ ਚੋਣ ਕਰਕੇ ਆਪਣੇ ਤਕੜੇ ਵਕੀਲ ਦੇ ਰੂਪ ’ਚ ਕੇਂਦਰ ਵਿੱਚ ਭੇਜਣਗੇ, ਜੋ ‘ਇੰਡੀਆ’ ਗੱਠਜੋੜ ਦੀ ਬਣਨ ਜਾ ਰਹੀ ਸਰਕਾਰ ਵਿੱਚ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ।
ਸ੍ਰੀ ਖੁੱਡੀਆਂ ਨੇ ਅੱਜ ਪਿੰਡ ਨਸੀਬਪੁਰਾ, ਜੀਵਨ ਸਿੰਘ ਵਾਲਾ, ਬੰਗੀ ਰੁਲਦੂ, ਲਾਲੇਆਣਾ, ਭਾਗੀਵਾਂਦਰ, ਚੱਠੇ ਵਾਲਾ, ਲੇਲੇਵਾਲਾ, ਸ਼ੇਖਪੁਰਾ, ਸੰਗਤ, ਗਿਆਨਾ, ਮਲਕਾਣਾ, ਜੱਜਲ, ਗਾਟਵਾਲੀ, ਤਿਉਣਾ, ਕਣਕਵਾਲ, ਫੁੱਲੋਖਾਰੀ, ਰਾਮਾਂ ਮੰਡੀ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।

Leave A Reply

Your email address will not be published.