ਉਹ ਵਾਲਾ ਪ੍ਰਤੀਨਿਧ ਚੁਣੋ ਜੋ ਸੰਸਦ ਵਿਚ ਤੁਹਾਡੇ ਹੱਕਾਂ ਦੀ ਰਾਖੀ ਕਰ ਸਕੇ: ਹਰਸਿਮਰਤ ਕੌਰ ਬਾਦਲ
ਸੂਬੇ ਵਿਚ ਨਸ਼ੇ ਦੇ ਪਸਾਰ ਦੀ ਪ੍ਰਧਾਨਗੀ ਕਰਨ ’ਤੇ ਮੁੱਖ ਮੰਤਰੀ ਨੂੰ ਘੇਰਿਆ
ਬਠਿੰਡਾ, 7 ਮਈ: ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਪ੍ਰਤੀਨਿਧ ਚੁਣਨ ਜੋ ਸੰਸਦ ਵਿਚ ਉਹਨਾਂ ਦੇ ਹੱਕਾਂ ਦੀ ਰਾਖੀ ਕਰ ਸਕੇ ਅਤੇ ਉਹਨਾਂ ਨਾਲ ਹੀ ਕਿਹਾ ਕਿ ਸਿਰਫ ਅਕਾਲੀ ਦਲ ਹੀ ਉਹਨਾਂ ਦੇ ਹੱਕਾਂ ਵਾਸਤੇ ਲੜ ਰਿਹਾ ਹੈ ਤੇ ਦਿੱਲੀ ਆਧਾਰਿਤ ਪਾਰਟੀਆਂ ਤਾਂ ਪੰਜਾਬ ਦੇ ਹੱਕਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ।
ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਸੀਨੀਅਰ ਆਗੂ ਸਰਦਾਰ ਜਨਮੇਜਾ ਸਿੰਘ ਸੇਖ਼ੋ ਦੇ ਨਾਲ ਮਿਲ ਕੇ ਮੌੜ ਹਲਕੇ ਦਾ ਦੌਰਾ ਕੀਤਾ, ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਤੁਹਾਡੇ ਹੱਕਾਂ ਲਈ ਡੱਟਦਾ ਰਿਹਾ ਹੈ, ਭਾਵੇਂ ਉਹ ਕਿਸਾਨਾਂ ਲਈ ਐਮ ਐਸ ਪੀ ਯਕੀਨੀ ਬਣਾਉਣ ਦਾ ਮਾਮਲਾ ਹੋਵੇ, ਦਰਿਆਈ ਪਾਣੀਆਂ ਦੀ ਰਾਖੀ ਹੋਵੇ, ਪੰਜਾਬ ਲਈ ਰਾਜਧਾਨੀ ਦੀ ਮੰਗ ਜ਼ੋਰਦਾਰ ਢੰਗ ਨਾਲ ਚੁੱਕਣੀ ਹੋਵੇ ਅਤੇ ਭਾਵੇਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੋਵੇ ਜਿਹਨਾਂ ਨੇ ਆਪਣੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ।
ਉਹਨਾਂ ਕਿਹਾ ਕਿ ਸਾਰੀਆਂ ਦਿੱਲੀ ਆਧਾਰਿਤ ਪਾਰਟੀਆਂ ਇਹਨਾਂ ਮਸਲਿਆਂ ’ਤੇ ਚੁੱਪ ਹਨ ਕਿਉਂਕਿ ਪੰਜਾਬ ਤੇ ਦਿੱਲੀ ਵਿਚ ਇਕੋ ਵਿਸ਼ੇ ’ਤੇ ਉਹਨਾਂ ਦੇ ਸਟੈਂਡ ਵੱਖੋ-ਵੱਖ ਹਨ। ਉਹਨਾਂ ਕਿਹਾ ਕਿ ਇਸੇ ਲਈ ਜ਼ਰੂਰੀ ਹੈ ਕਿ ਤੁਸੀਂ ਸੂਬੇ ਦੀ ਵਾਗਡੋਰ ਇਕ ਖੇਤਰੀ ਪਾਰਟੀ ਨੂੰ ਦਿਓ ਜੋ ਤੁਹਾਡੀਆਂ ਆਸਾਂ ’ਤੇ ਖਰੀ ਉਤਰੇ।
ਅਕਾਲੀ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਵੀ ਘੇਰਿਆ ਅਤੇ ਕਿਹਾ ਕਿ ਔਰਤਾਂ ਨੇ ਆ ਕੇ ਉਹਨਾਂ ਨੂੰ ਦੱਸਿਆ ਹੈ ਕਿ ਆਪ ਸਰਕਾਰ ਨੇ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ ਤੇ ਨਸ਼ੇ ਉਹਨਾਂ ਦੀ ਪੀੜੀ ਦੀ ਪੀੜੀ ਖ਼ਤਮ ਕਰਨ ’ਤੇ ਉਤਾਰੂ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਸਮਾਜ ਦੇ ਗਰੀਬ ਤੇ ਅਣਗੌਲੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਉਹਨਾਂ ਨੂੰ ਆਟਾ ਦਾਲ, ਸ਼ਗਨ ਤੇ ਬੁਢਾਪਾ ਪੈਨਸ਼ਨ ਵਰਗੇ ਲਾਭ ਦੇਣ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਔਰਤਾਂ ਨੇ ਉਹਨਾਂ ਨੂੰ ਆ ਕੇ ਇਹ ਵੀ ਦੱਸਿਆ ਹੈ ਕਿ ਮੁਫਤ ਬਿਜਲੀ ਵਾਲੀ ਸਕੀਮ ਵੀ ਫੇਲ੍ਹ ਹੈ ਤੇ ਉਹਨਾਂ ਨੂੰ ਬਿਜਲੀ ਦੇ ਮੋਟੇ-ਮੋਟੇ ਬਿੱਲ ਆ ਰਹੇ ਹਨ। ਉਹਨਾਂ ਨੇ ਆਪ ਸਰਕਾਰ ਵੱਲੋਂ ਸੂਬੇ ਵਿਚ ਨਸ਼ੇ ਦੇ ਪਸਾਰ ਦੀ ਪ੍ਰਧਾਨਗੀ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਆਪ ਸਰਕਾਰ ਦੇ ਰਾਜ ਵਿਚ ਕਿਵੇਂ ਨਸ਼ਿਆਂ ਦੀ ਹੋਮ ਡਲੀਵਰੀ ਹੋ ਰਹੀ ਹੈ।
ਸਰਦਾਰਨੀ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਝੂਠੇ ਵਾਅਦਿਆਂ ਦੇ ਝਾਂਸੇ ਵਿਚ ਨਾ ਫਸ ਜਾਣ। ਉਹਨਾਂ ਕਿਹਾ ਕਿ ਪਹਿਲਾਂ 2017 ਵਿਚ ਕਾਂਗਰਸ ਨੇ ਪੂਰਨ ਕਰਜ਼ਾ ਮੁਆਫੀ ਤੇ ਘਰ ਘਰ ਨੌਕਰੀ ਤੋਂ ਇਲਾਵਾ ਬੇਰੋਜ਼ਗਾਰ ਨੌਜਵਾਨਾਂ ਨੂੰ 25-25 ਸੌ ਰੁਪਏ ਪ੍ਰਤੀ ਮਹੀਨਾ ਦੇਣ ਦਾ ਝੂਠਾ ਵਾਅਦਾ ਕਰ ਕੇ ਗੁੰਮਰਾਹ ਕੀਤਾ। ਫੇਰ ਆਪ ਨੇ ਔਰਤਾਂ ਨੂੰ ਇਕ ਇਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਝੂਠਾ ਵਾਅਦਾ ਕੀਤਾ ਪਰ ਹਾਲੇ ਤੱਕ ਦੁੱਕੀ ਵੀ ਨਹੀਂ ਦਿੱਤੀ। ਉਹਨਾਂ ਨੇ ਔਰਤਾਂ ਨੂੰ ਆਖਿਆਕਿ ਜਦੋਂ ਆਪ ਦੇ ਆਗੂ ਉਹਨਾਂ ਕੋਲ ਵੋਟਾਂ ਮੰਗਣ ਆਉਣ ਤਾਂ ਉਹ ਪਹਿਲਾਂ ਉਹਨਾਂ ਦੇ ਦੋ ਸਾਲਾਂ ਦੇ 24-24 ਹਜ਼ਾਰ ਰੁਪਏ ਦੇ ਬਕਾਏ ਦੇਣ ਵਾਸਤੇ ਆਖਣ। ਉਹਨਾਂ ਕਿਹਾ ਕਿ ਬਜਾਏ ਔਰਤਾਂ ਨੂੰ ਪੈਸੇ ਦੇਣ ਦੇ ਮੁੱਖ ਮੰਤਰੀ ਵਾਰ-ਵਾਰ ਆਪਣੇ ਬਿਆਨ ਬਦਲ ਰਹੇ ਹਨ। ਉਹਨਾਂ ਕਿਹਾ ਕਿ ਜੋ ਦੋ ਸਾਲਾਂ ਵਿਚ ਆਪਣੇ ਵਾਅਦੇ ਪੂਰੇ ਨਾ ਕਰ ਸਕਿਆ ਹੋਵੇ, ਉਸ ਤੋਂ ਭਵਿੱਖ ਲਈ ਵਾਅਦਿਆਂ ’ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ।
ਇਸ ਮੌਕੇ ਬੀਜੇਪੀ ਬਾਲਿਆਂਵਾਲੀ ਮੰਡਲ ਦੇ ਯੂਥ ਪ੍ਰਧਾਨ ਗੁਰਮੇਲ ਸਿੰਘ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।