Newsportal

ਡਾਇਰੈਕਟਰ ਫਾਈਨਾਂਸ ਸਵ. ਸ. ਕੁਲਦੀਪ ਸਿੰਘ ਗਿੱਲ ਦੀ ਯਾਦ ਵਿੱਚ ਬੀ.ਐਫ.ਜੀ.ਆਈ. ਵੱਲੋਂ ‘ਸੜਕ ਸੁਰੱਖਿਆ ਅਤੇ ਟਰੈਫ਼ਿਕ ਜਾਗਰੂਕਤਾ’ ਬਾਰੇ ਵੈਬੀਨਾਰ ਕਰਵਾਇਆ ਗਿਆ

0 131
ਬਠਿੰਡਾ, 22 ਜੂਨ (             ) ਬੀ.ਐਫ.ਜੀ.ਆਈ. ਵੱਲੋਂ ਸੰਸਥਾ ਦੇ ਡਾਇਰੈਕਟਰ ਫਾਈਨਾਂਸ ਸਵ. ਸ. ਕੁਲਦੀਪ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਸੜਕੀ ਆਵਾਜਾਈ ਦੇ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ‘ਸੜਕ ਸੁਰੱਖਿਆ ਅਤੇ ਟਰੈਫ਼ਿਕ ਜਾਗਰੂਕਤਾ’ ਬਾਰੇ ਇੱਕ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਡਾ. ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ ਬੀ.ਐਫ.ਜੀ.ਆਈ., ਸ. ਜਸਪਾਲ ਸਿੰਘ, ਡੀ.ਐਸ.ਪੀ ਟਰੈਫ਼ਿਕ, ਬਠਿੰਡਾ ਅਤੇ ਸ੍ਰੀ ਨਰੇਸ਼ ਪਠਾਨੀਆ, ਫ਼ਸਟ ਏਡ ਮਾਸਟਰ ਟਰੇਨਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਬਠਿੰਡਾ ਨੇ ਮਾਹਿਰ ਬੁਲਾਰਿਆਂ ਵਜੋਂ ਸ਼ਮੂਲੀਅਤ ਕੀਤੀ। ਵੈਬੀਨਾਰ ਦੇ ਸੰਚਾਲਕ ਦੀ ਭੂਮਿਕਾ ਸ੍ਰੀ ਬੀ.ਡੀ. ਸ਼ਰਮਾ, ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ), ਬੀ.ਐਫ.ਜੀ.ਆਈ. ਨੇ ਨਿਭਾਈ। ਵੱਡੀ ਗਿਣਤੀ ਵਿੱਚ ਦਰਸ਼ਕ ਇਸ ਵੈਬੀਨਾਰ ਨਾਲ ਆਨਲਾਈਨ ਜੁੜੇ।
ਸੰਸਥਾ ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ) ਸ੍ਰੀ ਬੀ.ਡੀ. ਸ਼ਰਮਾ ਨੇ ਸਾਰੇ ਬੁਲਾਰਿਆਂ ਤੇ ਹਾਜ਼ਰੀਨ ਦਾ ਨਿੱਘਾ ਸਵਾਗਤ ਕਰਦਿਆਂ ਇਸ ਵੈਬੀਨਾਰ ਦੇ ਉਦੇਸ਼ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਡਾਇਰੈਕਟਰ ਫਾਈਨਾਂਸ ਸਵ. ਸ. ਕੁਲਦੀਪ ਸਿੰਘ ਗਿੱਲ ਜੋ ਸਾਲ 2010 ਵਿਚ 20 ਜੂਨ ਨੂੰ ਇੱਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਦੀ ਯਾਦ ਨੂੰ ਸਮਰਪਿਤ ਹਰ ਸਾਲ ‘ਟਰੈਫ਼ਿਕ ਜਾਗਰੂਕਤਾ ਸੈਮੀਨਾਰ’ ਦਾ ਆਯੋਜਨ ਕਰ ਕੇ ਸੜਕੀ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਸੜਕੀ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨੇ ਅੰਕੜਿਆਂ ਦੇ ਆਧਾਰ ਦੇ ਵਧ ਰਹੇ ਸੜਕੀ ਹਾਦਸਿਆਂ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ।
ਸ. ਜਸਪਾਲ ਸਿੰਘ, ਡੀ.ਐਸ.ਪੀ. (ਟਰੈਫ਼ਿਕ), ਬਠਿੰਡਾ ਨੇ ਸੜਕੀ ਹਾਦਸਿਆਂ ਦੇ ਕਾਰਨਾਂ ਜਿਵੇਂ ਆਵਾਜਾਈ ਦੇ ਨਿਯਮਾਂ ਬਾਰੇ ਜਾਣਕਾਰੀ ਨਾ ਹੋਣਾ, ਵਹੀਕਲ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ , ਨਸ਼ਾ ਕਰ ਕੇ ਵਹੀਕਲ ਚਲਾਉਣ, ਸੀਟ ਬੈਲਟ ਅਤੇ ਹੈਲਮਟ ਦੀ ਵਰਤੋਂ ਨਾ ਕਰਨਾ ਆਦਿ ਬਾਰੇ ਜਾਣਕਾਰੀ ਦਿੰਦਿਆਂ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ। ਇਸ ਤੋਂ ਇਲਾਵਾ ਆਵਾਰਾ ਪਸ਼ੂਆਂ ਦੀ ਸਮੱਸਿਆ ਵੀ ਸੜਕੀ ਹਾਦਸਿਆਂ ਦਾ ਇੱਕ ਪ੍ਰਮੁੱਖ ਕਾਰਨ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਟਰੈਫ਼ਿਕ ਪੁਲਿਸ ਦਾ ਐਜੂਕੇਸ਼ਨ ਵਿੰਗ ਕਿਵੇਂ ਲਗਾਤਾਰ ਸਮਾਜ ਅਤੇ ਖ਼ਾਸ ਕਰ ਕੇ ਨੌਜਵਾਨ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਯੋਗ ਡਰਾਈਵਿੰਗ ਲਾਇਸੰਸ ਲੈ ਕੇ ਹੀ ਵਹੀਕਲ ਚਲਾਉਣਾ ਚਾਹੀਦਾ ਹੈ ਅਤੇ ਆਪਣੇ ਨਾਬਾਲਗ ਬੱਚਿਆਂ ਨੂੰ ਵਹੀਕਲ ਚਲਾਉਣ ਤੋਂ ਰੋਕਣਾ ਚਾਹੀਦਾ ਹੈ। ਸੜਕੀ ਹਾਦਸਿਆਂ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਨੂੰ ਸਮੇਂ ਸਿਰ ਹਸਪਤਾਲ ਨਾ ਪਹੁੰਚਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਹੁਣ ਕਾਨੂੰਨ ਮੁਤਾਬਿਕ ਕਿਸੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਤੋਂ ਕੋਈ ਵੀ ਪੁੱਛ-ਗਿੱਛ ਨਹੀਂ ਕੀਤੀ ਜਾਂਦੀ ਸਗੋਂ ਅਜਿਹੀ ਅਜਾਈਂ ਜਾ ਰਹੀ ਜਾਨ ਨੂੰ ਬਚਾਉਣ ਵਾਲੇ ਨੂੰ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਂਦਾ ਹੈ।
ਇਸ ਦੌਰਾਨ ਫ਼ਸਟ ਏਡ ਮਾਸਟਰ ਟਰੇਨਰ ਸ੍ਰੀ ਨਰੇਸ਼ ਪਠਾਨੀਆ ਨੇ ਸੜਕੀ ਆਵਾਜਾਈ ਦੇ ਨਿਯਮਾਂ, ਮੁੱਢਲੀ ਸਹਾਇਤਾ (ਫ਼ਸਟ ਏਡ) ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚਾਨਕ ਬਿਮਾਰ ਜਾਂ ਜ਼ਖ਼ਮੀ ਮਨੁੱਖ ਦੀ ਕੀਮਤੀ ਜ਼ਿੰਦਗੀ ਨੂੰ ਬਚਾਉਣ ਲਈ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦਾ ਸਹੀ ਗਿਆਨ ਹਰ ਇੱਕ ਨੂੰ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਉਦਾਹਰਨਾਂ ਸਹਿਤ ਵੱਖ-ਵੱਖ ਪ੍ਰਸਥਿਤੀਆਂ ਅਨੁਸਾਰ ਮੁੱਢਲੀ ਸਹਾਇਤਾ ਦੇਣ ਦੇ ਢੰਗਾਂ ਅਤੇ ਧਿਆਨ ਰੱਖਣ ਯੋਗ ਗੱਲਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਰ ਰੋਜ਼ ਵਾਪਰਨ ਵਾਲੇ ਸੜਕ ਹਾਦਸਿਆਂ ਦਾ ਵੱਡਾ ਕਾਰਨ ਆਵਾਜਾਈ ਸੰਬੰਧੀ ਨਿਯਮਾਂ ਦੀ ਪਾਲਨਾ ਨਾ ਕਰਨਾ ਹੈ। ਉਨ੍ਹਾਂ ਦੱਸਿਆ ਬੀ.ਐਫ.ਜੀ.ਆਈ. ਨੇ ਆਪਣੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੋ ਪਹੀਆ ਵਾਹਨ ਲਈ ਹੈਲਮਟ ਪਹਿਨਣਾ ਅਤੇ ਚਾਰ ਪਹੀਆ ਵਾਹਨ ਲਈ ਸੀਟ ਬੈਲਟ ਲਗਾਉਣਾ ਲਾਜ਼ਮੀ ਕੀਤਾ ਹੋਇਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਬੀ.ਐਫ.ਜੀ.ਆਈ. ਵਿਖੇ ਸਥਾਪਤੀ ਦੇ ਸਮੇਂ ਤੋਂ ਹੀ ਸੋਸ਼ਲ ਵੈੱਲਫੇਅਰ ਵਿਭਾਗ ਦੀ ਸਥਾਪਨਾ ਕਰ ਕੇ ਸੰਸਥਾ ਦੇ ਸਾਰੇ ਵਿਦਿਆਰਥੀਆਂ ਦੇ ਪਿੰਡ ਅਤੇ ਸ਼ਹਿਰ ਪੱਧਰ ‘ਤੇ ਯੂਨਿਟ ਬਣਾਏ ਹੋਏ ਹਨ। ਇਸ ਤਹਿਤ ਵਿਦਿਆਰਥੀਆਂ ਦੁਆਰਾ ਸਮਾਜਿਕ ਬੁਰਾਈਆਂ, ਵਾਤਾਵਰਨ ਸੰਭਾਲ ਅਤੇ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਸਭ ਤੋਂ ਵਧੀਆ ਕੰਮ ਕਰਨ ਵਾਲੇ ਯੂਨਿਟਾਂ ਨੂੰ ਸੰਸਥਾ ਦੇ ਅੰਤਰਰਾਸ਼ਟਰੀ ਫੈਸਟ ‘ਵਿਬਗਿਓਰ’ ਦੌਰਾਨ ਨਕਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਲੋੜ ਪੈਣ ‘ਤੇ ਖ਼ੂਨਦਾਨ ਕਰਨ ਲਈ ਬੀ.ਐਫ.ਜੀ.ਆਈ. ਵਿਖੇ ਬਲੱਡ ਡੋਨਰਜ਼ ਸਕੂਐਡ ਵੀ ਬਣਾਇਆ ਹੋਇਆ ਹੈ ਜਿਸ ਵਿੱਚ ਸੰਸਥਾ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਵਲੰਟੀਅਰ ਤੌਰ ਤੇ ਮੈਂਬਰ ਹਨ ਜੋ ਲੋੜ ਪੈਣ ਤੇ ਖ਼ੂਨਦਾਨ ਕਰਨ ਦੇ ਨਾਲ-ਨਾਲ ਇਸ ਬਾਰੇ ਜਾਗਰੂਕ ਵੀ ਕਰਦੇ ਹਨ । ਉਨ੍ਹਾਂ ਨੇ ਅੱਗੇ ਦੱਸਿਆ ਕਿ ਬੀ.ਐਫ.ਜੀ.ਆਈ. ਵੱਲੋਂ ਸਵ. ਸ. ਕੁਲਦੀਪ ਸਿੰਘ ਗਿੱਲ ਦੀ ਯਾਦ ਵਿੱਚ 24 ਘੰਟੇ ਮੁਫ਼ਤ ਐਂਬੂਲੈਂਸ ਦੀ ਸਹੂਲਤ ਵੀ ਦਿੱਤੀ ਹੋਈ ਹੈੈ ਤਾਂ ਜੋ ਇਲਾਕੇ ਵਿੱਚ ਕਿਸੇ ਵੀ ਬਿਮਾਰ ਜਾਂ ਹਾਦਸਾਗ੍ਰਸਤ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਬੀ.ਐਫ.ਜੀ.ਆਈ. ਵੱਲੋਂ ਪਿਛਲੇ ਕੁੱਝ ਸਾਲਾਂ ਤੋਂ ਐਂਟੀ ਡਰੱਗ ਐਂਡ ਟਰੈਫ਼ਿਕ ਅਵੇਅਰਨੈੱਸ (ਏ.ਡੀ.ਟੀ.ਏ.) ਮੁਹਿੰਮ ਵੱਡੇ ਰੂਪ ਵਿੱਚ ਸ਼ੁਰੂ ਕੀਤੀ ਹੋਈ ਸੀ ਜੋ ਕੋਵਿਡ ਮਹਾਂਮਾਰੀ ਦੌਰਾਨ ਰੁਕ ਗਈ ਹੈ ਪਰੰਤੂ ਹੁਣ ਇਸ ਮੁਹਿੰਮ ਨੂੰ ਦੁਬਾਰਾ ਚਾਲੂ ਕੀਤਾ ਜਾਵੇਗਾ । ਉਨ੍ਹਾਂ ਨੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਆਪਣੇ ਆਪ ਨਾਲ ਪਿਆਰ ਕਰੋ, ਸਿਹਤਯਾਬ ਅਤੇ ਜਾਗਰੂਕ ਰਹੋ ਕਿਉਂਕਿ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ।
____________________________

Leave A Reply

Your email address will not be published.