Newsportal

ਸਿਰਫ ਪੰਜਾਬ ਹੀ ਨਹੀਂ, ਪੂਰੇ ਦੇਸ਼ ਦੇ ਮੁੱਦਿਆਂ ਨੂੰ ਸੰਸਦ ’ਚ ਉਠਾਵਾਂਗਾ: ਖੁੱਡੀਆਂ

ਕੇਂਦਰ ਨਾਲ ਧੜੱਲੇਦਾਰ ਲੜਾਈ ਲੜਨ ’ਤੇ ਪੰਜਾਬ ਨੂੰ ਮਿਲ ਸਕੇਗਾ ਇਨਸਾਫ਼ ਕੇਜਰੀਵਾਲ ਮਾਮਲੇ ਨੂੰ ਭਾਜਪਾ ਹੁਕਮਰਾਨ ਬਿਨਾਂ ਵਜ੍ਹਾ ਉਲਝਾ ਰਹੇ ਹਨ

0 95

ਬਠਿੰਡਾ, 7 ਮਈ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਨਾ ਆਪਣੀ ਰਾਜਧਾਨੀ ਅਤੇ ਨਾ ਹੀ ਹਾਈਕੋਰਟ। ਕੇਂਦਰ ਨੇ ਸਾਡਾ ਦਿਹਾਤੀ ਵਿਕਾਸ ਫੰਡ (ਆਰਡੀਐਫ) ਦਾ 5700 ਕਰੋੜ ਰੁਪਿਆ ਰੋਕ ਰੱਖਿਆ ਹੈ ਅਤੇ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਇਸ ਤੋਂ ਵੱਖਰਾ ਹੈ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਪੰਜਾਬ ਦੀ ਲੜਾਈ ਪੂਰੇ ਧੜੱਲੇ ਨਾਲ ਲੜੀਏ, ਤਾਂ ਹੀ ਇਨਸਾਫ਼ ਮਿਲ ਸਕਦਾ ਹੈ।
ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਖੁੱਡੀਆਂ ਨੇ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਸਿਰਫ ਆਪਣੇ ਹਲਕੇ ਬਠਿੰਡਾ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਨਾਲ ਸਬੰਧਿਤ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਸੰਸਦ ਵਿੱਚ ਉਠਾਉਣਗੇ। ਉਨ੍ਹਾਂ ਦੇਸ਼ ਦੀ ਰਾਜਨੀਤੀ ਸਾਫ਼ ਸੁਥਰੀ ਹੋਣ ਦੀ ਵਕਾਲਤ ਕਰਦਿਆਂ ਆਖਿਆ ਕਿ ਲੋਕਾਂ ਦੇ ਮੁੱਦਿਆਂ ਨੂੰ ਉਠਾਉਣਾ ਪਾਰਲੀਮੈਂਟ ਮੈਂਬਰਾਂ ਦਾ ਫ਼ਰਜ਼ ਬਣਦਾ ਹੈ।
ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ 15 ਸਾਲ ਸੰਸਦ ਵਿੱਚ ਰਹਿ ਕੇ ਆਏ ਹਨ ਅਤੇ ਉਹ ਫ਼ੂਡ ਪ੍ਰੋਸੈਸਿੰਗ ਮਨਿਸਟਰ ਵੀ ਰਹੇ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਉਹ ਪੰਜਾਬ ’ਚ ਫ਼ੂਡ ਪ੍ਰੋਸੈਸਿੰਗ ਦੇ ਕੋਈ ਪਲਾਂਟ ਜਾਂ ਪਾਰਕ ਬਣਾਉਂਦੇ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਕੋਲ ਬੈਠ ਕੇ ਖੇਤੀ ਨਾਲ ਸਬੰਧਿਤ ਵੱਡੇ ਤੇ ਵਿਵਾਦਤ ਕਾਨੂੰਨ ਪਾਸ ਕਰਵਾਏ। ਸ੍ਰੀ ਖੁੱਡੀਆਂ ਨੇ ਤਨਜ਼ ਕਸਦਿਆਂ ਸਵਾਲ ਉਠਾਇਆ ਕਿ ਜੋ ਤਰੱਕੀ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੇ ਬਠਿੰਡਾ ਦਾ ਥਰਮਲ ਪਲਾਂਟ ਬੰਦ ਕੀਤਾ। ਉਨ੍ਹਾਂ ਅਹਿਮ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਦੀ ਇੱਛਾ ਹੈ ਕਿ ਇਸ ਥਰਮਲ ਪਲਾਂਟ ਨੂੰ ਗੁਰੂ ਅਮਰਦਾਸ ਜੀ ਦੇ ਨਾਂਅ ’ਤੇ ਮੁੜ ਚਾਲੂ ਕਰਕੇ ਸੋਲਰ ਸਿਸਟਮ ਰਾਹੀਂ ਬਿਜਲੀ ਦੀ ਪੈਦਾਵਾਰ ਸ਼ੁਰੂ ਕੀਤੀ ਜਾਵੇ। ਔਰਤਾਂ ਨੂੰ ਇਕ ਹਜ਼ਾਰ ਰੁਪਏ ਮਾਸਿਕ ਭੱਤਾ ਦੇਣ ਬਾਰੇ ਉਨ੍ਹਾਂ ਦੱਸਿਆ ਕਿ ਸਰਕਾਰ ਜਲਦੀ ਹੀ ਇਸ ਗਾਰੰਟੀ ਨੂੰ ਵੀ ਪੂਰੀ ਕਰੇਗੀ।
ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਕੋ ਪਰਿਵਾਰ ਦੇ 8-10 ਰਿਸ਼ਤੇਦਾਰ ਸਰਕਾਰ ’ਚ ਹੋਇਆ ਕਰਦੇ ਸਨ। ਜਦੋਂ ਸਾਰਾ ਟੱਬਰ ਹੀ ਮਨਿਸਟਰਾਂ ਦਾ ਬਣਨ ਲੱਗ ਪਿਆ ਤਾਂ ਲੋਕਾਂ ਨੇ ਉਸ ਟੱਬਰ ਤੇ ਰਿਸ਼ਤੇਦਾਰਾਂ ਨੂੰ ਪਾਸੇ ਕਰਨ ਦਾ ਮਨ ਬਣਾ ਲਿਆ। ਉਨ੍ਹਾਂ ਕਿਹਾ ਕਿ ਚਿਰਾਂ ਬਾਅਦ ਹੁਣ ਪਹਿਲੀ ਵਿਧਾਨ ਸਭਾ ਹੈ, ਜੋ ਘਰਾਣਿਆਂ ਅਤੇ ਰਿਸ਼ਤੇਦਾਰੀਆਂ ਤੋਂ ਮੁਕਤ ਹੈ।
ਸ੍ਰੀ ਖੁੱਡੀਆਂ ਨੇ ਕਿਹਾ ਕਿ ਇਹ ਵੀ ਪਹਿਲੀ ਦਫ਼ਾ ਹੀ ਹੈ ਕਿ ਯੋਗ ਉਮੀਦਵਾਰਾਂ ਨੂੰ ਨੌਕਰੀਆਂ ਬਗ਼ੈਰ ਵੱਢੀ ਅਤੇ ਸਿਫ਼ਾਰਸ਼ ਤੋਂ ਮਿਲੀਆਂ। 600 ਯੂਨਿਟ ਬਿਜਲੀ ਮੁਫ਼ਤ ਹੋਣ ਕਰਕੇ ਨਿਮਨ ਤੇ ਦਰਮਿਆਨੇ 90 ਪ੍ਰਤੀਸ਼ਤ ਖ਼ਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਅਜਿਹਾ ਹੋਣ ਨਾਲ ਹਰ ਪਰਿਵਾਰ ਦੀ ਚਾਰ ਤੋਂ ਪੰਜ ਹਜ਼ਾਰ ਰੁਪਏ ਮਹੀਨੇ ਦੀ ਬੱਚਤ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ ਨੂੰ ਚੌਵੀ ਘੰਟਿਆਂ ’ਚ ਪਹਿਲੀ ਵਾਰ 15-15 ਘੰਟੇ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਗਰੀਬਾਂ ਨੂੰ ਇਲਾਜ ਕਰਾਉਣਾ ਆਸਾਨ ਹੋ ਗਿਆ ਹੈ ਅਤੇ ਟੌਲ ਪਲਾਜ਼ੇ ਬੰਦ ਕਰਨ ਨਾਲ ਲੋਕਾਂ ਨੂੰ ਵਿੱਤੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਭਾਈਚਾਰਕ ਸਾਂਝ ਪੈਦਾ ਕਰਨ ਦਾ ਸਿਹਰਾ ਵੀ ਮਾਨ ਸਰਕਾਰ ਨੂੰ ਜਾਂਦਾ ਹੈ।
ਦਿੱਲੀ ਦੇ ਰਾਜਪਾਲ ਵੱਲੋਂ ਕੇਜਰੀਵਾਲ ਵਿਰੁੱਧ ਐਨਆਈਏ ਜਾਂਚ ਦੀ ਸਿਫ਼ਾਰਸ਼ ਕੀਤੇ ਜਾਣ ਦੇ ਉੱਤਰ ’ਚ ਸ੍ਰੀ ਖੁੱਡੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਮਾਮਲੇ ਨੂੰ ਬਗ਼ੈਰ ਮਤਲਬ ਤੋਂ ਉਲਝਾਇਆ ਹੋਇਆ ਹੈ। ਉਨ੍ਹਾਂ ਤਰਕ ਦਿੱਤੀ ਕਿ ਸਬੂਤ ਨਾ ਹੋਣ ਕਰਕੇ ਪਹਿਲਾਂ ਸੰਜੇ ਸਿੰਘ ਵੀ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆ ਗਈ ਹਨ ਅਤੇ ਕੇਜਰੀਵਾਲ ਖ਼ਿਲਾਫ਼ ਵੀ ਕੋਈ ਸਬੂਤ ਟਿਕਦਾ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਭਾਜਪਾ ਹਕੂਮਤ ਨੂੰ ਭਰਮ ਹੈ ਕਿ ਉਹ ਕੇਜਰੀਵਾਲ ਦੀ ਪਾਰਟੀ ਨੂੰ ਅਜਿਹੇ ਬੇਬੁਨਿਆਦ ਮੁੱਦਿਆਂ ’ਚ ਉਲਝਾ ਕੇ ਕਮਜ਼ੋਰ ਕਰ ਲਵੇਗੀ ਪਰ ਇੰਦਰਾ ਗਾਂਧੀ ਨੇ ਵੀ ਐਮਰਜੈਂਸੀ ਲਾ ਕੇ, ਅਜਿਹਾ ਹੀ ਭੁਲੇਖਾ ਪਾਲ਼ਿਆ ਸੀ। ਉਨ੍ਹਾਂ ਕਿਹਾ ਕਿ ਜੋ ਲੋਕ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾ ਸਕਦੇ ਹਨ, ਉਹ ਤਾਨਾਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।
ਕੁਝ ਥਾਵਾਂ ’ਤੇ ਕਿਸਾਨਾਂ ਵੱਲੋਂ ‘ਆਪ’ ਉਮੀਦਵਾਰਾਂ ਦਾ ਵਿਰੋਧ ਕੀਤੇ ਜਾਣ ਦੇ ਉੱਤਰ ’ਚ ਉਨ੍ਹਾਂ ਮੰਨਿਆ ਕੁਝ ਥਾਵਾਂ ’ਤੇ ਮੌਸਮੀ ਕਰੋਪੀ ਨਾਲ ਫ਼ਸਲੀ ਤੇ ਮਾਲੀ ਨੁਕਸਾਨ ਹੋਇਆ। ਨਾਲ ਹੀ ਉਨ੍ਹਾਂ ਕਿਹਾ ਕਿ ਜੋ ਬਣਦੀ ਸਹਾਇਤਾ ਹੈ, ਸਰਕਾਰ ਜ਼ਰੂਰ ਦੇਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਚੋਣ ਕਮਿਸ਼ਨ ਨੂੰ ਸਰਕਾਰ ਵੱਲੋਂ ਲਿਖ਼ ਕੇ ਦਿੱਤਾ ਗਿਆ ਹੈ, ਸ਼ਾਇਦ ਕਮਿਸ਼ਨ ਮੁਆਵਜ਼ਾ ਦੇਣ ਲਈ ਇਜਾਜ਼ਤ ਦੇ ਦੇਵੇ। ਉਨ੍ਹਾਂ ਡਰੱਗਜ਼ ’ਤੇ ਵੀ ਸਰਕਾਰ ਵੱਲੋਂ ਸਖ਼ਤੀ ਕੀਤੇ ਜਾਣ ਦੀ ਗੱਲ ਆਖੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਇਕ-ਦੋ ਦਿਨਾਂ ’ਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਇਸ ਮੌਕੇ ਸ੍ਰੀ ਖੁੱਡੀਆਂ ਦੇ ਨਾਲ ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਹਾਲ ’ਚ ਹੀ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਿਲ ਹੋਏ ਚੁਸਪਿੰਦਰ ਸਿੰਘ, ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਤੇ ‘ਆਪ’ ਦੇ ਬੁਲਾਰੇ ਨੀਲ ਗਰਗ, ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਅਨਿਲ ਠਾਕੁਰ, ਈਸ਼ਵਰ ਗਰਗ ਆਰਕੀਟੈਕਟ ਆਦਿ ਹਾਜ਼ਰ ਸਨ।

Leave A Reply

Your email address will not be published.