Newsportal

ਅਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਭਾਜਪਾ ਨੂੰ ਵੋਟ ਪਾਉਣਾ: ਖੁੱਡੀਆਂ

ਦੋਵਾਂ ਦੇ ਅਜੇ ਵੀ ਘਿਓ-ਖਿਚੜੀ ਹੋਣ ਦਾ ਦਾਅਵਾ; ‘ਆਪ’ ਦਾ 13-0 ਦਾ ਟੀਚਾ ਹੋਵੇਗਾ ਪੂਰਾ

0 89

ਦੋਵਾਂ ਦੇ ਅਜੇ ਵੀ ਘਿਓ-ਖਿਚੜੀ ਹੋਣ ਦਾ ਦਾਅਵਾ; ‘ਆਪ’ ਦਾ 13-0 ਦਾ ਟੀਚਾ ਹੋਵੇਗਾ ਪੂਰਾ
ਬਠਿੰਡਾ, (5 ਮਈ)- ‘ਅਕਾਲੀ ਦਲ ਅਤੇ ਭਾਜਪਾ ਦਾ ਤੋੜ-ਵਿਛੋੜਾ ਤਾਂ ਲੋਕ ਵਿਖਾਵਾ ਹੈ। ਸੱਚ ਇਹ ਹੈ ਕਿ ਅੰਦਰਖਾਤੇ ਦੋਵੇਂ ਘਿਓ-ਖਿਚੜੀ ਹਨ। ਭਾਜਪਾ ਉਹ ਤੋਤਾ ਹੈ, ਜਿਸ ਵਿੱਚ ਅਕਾਲੀ ਦਲ ਦੀ ਜਾਨ ਵਸਦੀ ਹੈ। ਤੁਹਾਡੀ ਅਕਾਲੀ ਦਲ ਨੂੰ ਪਾਈ ਹਰ ਇੱਕ ਵੋਟ ਸਿੱਧੀ ਭਾਜਪਾ ਦੇ ਖਾਤੇ ਵਿੱਚ ਜਾਵੇਗੀ।’ ਇਹ ਸ਼ਬਦ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਹੇ।
ਉਨ੍ਹਾਂ ਅੱਗੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦਾ ਵਖਰੇਵਾਂ ਮਹਿਜ਼ ਡਰਾਮੇਬਾਜ਼ੀ ਹੈ। ਇਹ ਡਰਾਮਾ ਇਸ ਲਈ ਕੀਤਾ ਗਿਆ ਹੈ, ਤਾਂ ਜੋ ਭਾਜਪਾ ਪ੍ਰਤੀ ਉੱਠੇ ਲੋਕਾਂ ਦੇ ਰੋਹ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਾਂ ਪੈਣ ਵਾਲੇ ਦਿਨ ਤੋਂ ਬਾਅਦ ਅਕਾਲੀ ਤੇ ਭਾਜਪਾਈ ਦੋਵੇਂ ਇੱਕੋ ਪਿੱਚ ’ਤੇ ਖੇਡਦੇ ਨਜ਼ਰ ਆਉਣਗੇ। ਸ੍ਰੀ ਖੁੱਡੀਆਂ ਨੇ ਸੁਚੇਤ ਕੀਤਾ ਕਿ ‘ਪੰਜਾਬੀਓ! ਇਹ ਨਾ ਭੁੱਲਿਓ ਕਿ ਬਾਦਲ ਪਰਿਵਾਰ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਖੁੱਲ੍ਹੇਆਮ ਵਕਾਲਤ ਵੀ ਕੀਤੀ ਸੀ। ਤੁਹਾਨੂੰ ਅਪੀਲ ਹੈ ਕਿ ਦਿੱਲੀ ਦੀਆਂ ਹੱਦਾਂ ’ਤੇ ਸਵਾ ਸਾਲ ਚੱਲੇ ਕਿਸਾਨ ਅੰਦੋਲਨ ਦੌਰਾਨ ਸਾਢੇ ਸੱਤ ਸੌ ਕਿਸਾਨਾਂ ਵੱਲੋਂ ਦਿੱਤੇ ਬਲੀਦਾਨ ਨੂੰ ਯਾਦ ਕਰਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਿਓ’।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਕੇਵਲ ਦੋ ਸਾਲਾਂ ਦੇ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ 600 ਯੂਨਿਟ ਬਿਜਲੀ ਮੁਫ਼ਤ ਦੇ ਕੇ 90 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਕੀਤੇ। ਥਾਂ ਪੁਰ ਥਾਂ ਮੁਹੱਲਾ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਖੋਲ੍ਹੇ। 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਜਿਹੜੀਆਂ ਟੇਲਾਂ ’ਤੇ ਮੁੱਦਤਾਂ ਤੋਂ ਕਦੇ ਪਾਣੀ ਦੀ ਬੂੰਦ ਨਹੀਂ ਅੱਪੜੀ, ਉੱਥੇ ਪਾਣੀ ਪਹੁੰਚਾਇਆ। ਜ਼ੀਰੋ ਟਾਲਰੈਂਸ ਦੀ ਨੀਤੀ ਤਹਿਤ ਭਿ੍ਰਸ਼ਟਾਚਾਰੀਆਂ ਨੂੰ ਫੜ੍ਹ ਕੇ ਜੇਲ੍ਹਾਂ ਦੀ ਹਵਾ ਖੁਆਈ। ਟੌਲ ਪਲਾਜ਼ੇ ਬੰਦ ਕਰਵਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਨੂੰ ਸਾਜਿਸ਼ ਤਹਿਤ ਅਣਡਿੱਠ ਕਰਕੇ ਅਤੇ ਪਾਣੀ ਪੀ-ਪੀ ਕੇ ਭੰਡਣ ਵਾਲੇ ਵਿਰੋਧੀ ਕੀ ਪਿਛਲੇ 70 ਸਾਲਾਂ ’ਚ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਵਾ ਸਕਣਗੇ?
ਉਨ੍ਹਾਂ ਕਿਹਾ ਕਿ ਬਗ਼ੈਰ ਵਜ੍ਹਾ ਆਲੋਚਨਾ ਕਰਨ ਵਾਲੇ ਵਿਰੋਧੀਆਂ ਤੋਂ ਬਿਨਾਂ ਸਮੁੱਚੇ ਪੰਜਾਬ ਦੇ ਵਾਸੀ ਮਾਨ ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹਨ ਅਤੇ ਉਹ ਇਨ੍ਹਾਂ ਚੋਣਾਂ ’ਚ ‘ਆਪ’ ਦੇ ਟੀਚੇ 13-0 ਨੂੰ ਪੂਰਾ ਕਰਨ ਲਈ ਸਿਰਫ ਇਕ ਜੂਨ ਦੀ ਉਡੀਕ ਕਰ ਰਹੇ ਹਨ।
ਸ੍ਰੀ ਖੁੱਡੀਆਂ ਅੱਜ ਬਠਿੰਡਾ ਦੇ ਭਗਵਤੀ ਇਨਕਲੇਵ, ਗਰੀਨ ਸਿਟੀ, ਗੀਤਾ ਭਵਨ, ਭਾਗੂ ਰੋਡ, ਬੱਲਾ ਰਾਮ ਨਗਰ, ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ ਸਮੇਤ ਕਈ ਜਗ੍ਹਾ ’ਤੇ ਜਨ ਸਭਾਵਾਂ ਨੂੰ ਸੰਬੋਧਨ ਹੋਏ। ਇਨ੍ਹਾਂ ਇਕੱਤਰਤਾਵਾਂ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਵੇੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਭਰੋਸਾ ਦਿੱਤਾ ਕਿ ਉਹ ਡਟ ਕੇ ਸ੍ਰੀ ਖੁੱਡੀਆਂ ਨੂੰ ਸਹਿਯੋਗ ਦੇਣਗੇ।

Leave A Reply

Your email address will not be published.