ਬਠਿੰਡਾ ਸ਼ਹਿਰ ਵਿੱਚ ਰਾਮ ਰਾਜ ਲਿਆਉਣ ਲਈ ਪੁਲਿਸ ਪ੍ਰਸ਼ਾਸਨ ਨਿਭਾਵੇ ਜ਼ਿੰਮੇਵਾਰੀ : ਮਨਪ੍ਰੀਤ ਬਾਦਲ
ਵਿੱਤ ਮੰਤਰੀ ਦੀ ਅਗਵਾਈ ਵਿਚ ਕੌਂਸਲਰਾਂ ਅਤੇ ਪੁਲੀਸ ਅਧਿਕਾਰੀਆਂ ਦੀ ਅਹਿਮ ਮੀਟਿੰਗ, ਵਿੱਤ ਮੰਤਰੀ ਨੇ ਪੁਲੀਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ, ਇਹ ਵੀ ਹਦਾਇਤ ਕੀਤੀ ਕਿ ਜਾਤੀ ਰੰਜਿਸ਼ ਦੀ ਰਾਜਨੀਤੀ ਨੂੰ ਪਾਸੇ ਛੱਡ ਕੇ ਸ਼ਹਿਰ ਵਿਚ ਰਾਮ ਰਾਜ ਲਿਆਉਣ ਲਈ ਪੁਲੀਸ ਪ੍ਰਸ਼ਾਸਨ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਸ਼ਹਿਰ ਵਾਸੀ ਬਿਨਾਂ ਕਿਸੇ ਡਰ ਤੋਂ ਜ਼ਿੰਦਗੀ ਬਤੀਤ ਕਰ ਸਕਣ।
ਬਠਿੰਡਾ, ਪੰਜਾਬ
ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਵਿਚ ਅੱਜ ਸ਼ਹਿਰ ਦੇ ਚੁਣੇ ਹੋਏ ਕਾਂਗਰਸ ਦੇ ਕੌਂਸਲਰਾਂ ਅਤੇ ਪੁਲਿਸ ਅਧਿਕਾਰੀਆਂ, ਥਾਣੇ ਦੇ ਥਾਣੇਦਾਰਾਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਵਿੱਤ ਮੰਤਰੀ ਨੇ ਪੁਲੀਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ, ਇਹ ਵੀ ਹਦਾਇਤ ਕੀਤੀ ਕਿ ਜਾਤੀ ਰੰਜਿਸ਼ ਦੀ ਰਾਜਨੀਤੀ ਨੂੰ ਪਾਸੇ ਛੱਡ ਕੇ ਸ਼ਹਿਰ ਵਿਚ ਰਾਮ ਰਾਜ ਲਿਆਉਣ ਲਈ ਪੁਲੀਸ ਪ੍ਰਸ਼ਾਸਨ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਸ਼ਹਿਰ ਵਾਸੀ ਬਿਨਾਂ ਕਿਸੇ ਡਰ ਤੋਂ ਜ਼ਿੰਦਗੀ ਬਤੀਤ ਕਰ ਸਕਣ।
ਬੈਠਕ ਦੌਰਾਨ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਪੁਲਿਸ ਪ੍ਰਸ਼ਾਸਨ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬਠਿੰਡਾ ਸ਼ਹਿਰ ਅੰਦਰ ਹਰ ਇੱਕ ਇਨਸਾਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਕਾਨੂੰਨ ਨੂੰ ਲੈ ਕੇ ਕਿਸੇ ਵੀ ਆਮ ਇਨਸਾਨ ਨੂੰ ਕੋਈ ਸਮੱਸਿਆ ਦਰਪੇਸ਼ ਨਾ ਆਵੇ।
ਇਸ ਮੌਕੇ ਸ. ਬਾਦਲ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਹਰ ਇੱਕ ਕੰਮ ਨੂੰ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਹੀ ਕਰਨਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਨਾਲ ਸੱਚੀ ਤਸਵੀਰ ਬਣਦੀ ਹੈ। ਸ. ਬਾਦਲ ਨੇ ਕਿਹਾ ਕਿ ਬਠਿੰਡਾ ਸ਼ਹਿਰ 6 ਮਹੀਨਿਆਂ ਦੇ ਅੰਦਰ-ਅੰਦਰ ਵਿਚਕਾਰ ਰਾਮ-ਰਾਜ ਲਿਆ ਕੇ ਦਿਖਾਉਣ ਤਾਂ ਜੋ ਹਰ ਆਮ ਇਨਸਾਨ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰੇ।
ਉਨਾਂ ਕਿਹਾ ਕਿ ਕਾਨੂੰਨ ਪ੍ਰਤੀ ਜਿੰਮੇਵਾਰ ਹੋਣਾ ਹਰ ਇੱਕ ਨਾਗਰਿਕ ਤੇ ਸਿਪਾਹੀ ਦਾ ਮੁੱਢਲਾ ਫ਼ਰਜ ਹੈ। ਇਸ ਤੋਂ ਇਲਾਵਾ ਸ. ਬਾਦਲ ਨੇ ਕਿਹਾ ਕਿ ਕਾਨੂੰਨ ’ਚ ਹੀ ਰਹਿ ਕੇ ਸਾਰੇ ਕੰਮ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਤਾਂ ਜੋ ਬਠਿੰਡੇ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾ ਕੇ ਪੰਜਾਬ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ।
ਇਸ ਮੌਕੇ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੌਕ ਪ੍ਰਧਾਨ , ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਚੇਅਰਮੈਨ ਕੇ ਕੇ ਅਗਰਵਾਲ,ਜੈਜੀਤ ਜੌਹਲ, ਅਰੁਣ ਵਧਾਵਨ, ਐਸਪੀ ਜਸਪਾਲ ਸਿੰਘ, ਡੀਐਸਪੀ ਗੁਰਜੀਤ ਰੋਮਾਣਾ, ਮੈਂਬਰ ਫਾਇਨਾਂਸ ਕਮੇਟੀ ਪ੍ਰਵੀਨ ਗਰਗ, ਬਲਜਿੰਦਰ ਠੇਕੇਦਾਰ, ਸੰਦੀਪ ਗੋਇਲ, ਰਾਜਨ ਗਰਗ, ਪਵਨ ਮਾਨੀ ਅਤੇ ਸਮੂਹ ਕੌਂਸਲਰ ਮੌਜੂਦ ਸਨ।