ਡਾਇਰੈਕਟਰ ਫਾਈਨਾਂਸ ਸਵ. ਸ. ਕੁਲਦੀਪ ਸਿੰਘ ਗਿੱਲ ਦੀ ਯਾਦ ਵਿੱਚ ਬੀ.ਐਫ.ਜੀ.ਆਈ. ਵੱਲੋਂ ‘ਸੜਕ ਸੁਰੱਖਿਆ ਅਤੇ ਟਰੈਫ਼ਿਕ ਜਾਗਰੂਕਤਾ’ ਬਾਰੇ ਵੈਬੀਨਾਰ ਕਰਵਾਇਆ ਗਿਆ
ਸੰਸਥਾ ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ) ਸ੍ਰੀ ਬੀ.ਡੀ. ਸ਼ਰਮਾ ਨੇ ਸਾਰੇ ਬੁਲਾਰਿਆਂ ਤੇ ਹਾਜ਼ਰੀਨ ਦਾ ਨਿੱਘਾ ਸਵਾਗਤ ਕਰਦਿਆਂ ਇਸ ਵੈਬੀਨਾਰ ਦੇ ਉਦੇਸ਼ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਡਾਇਰੈਕਟਰ ਫਾਈਨਾਂਸ ਸਵ. ਸ. ਕੁਲਦੀਪ ਸਿੰਘ ਗਿੱਲ ਜੋ ਸਾਲ 2010 ਵਿਚ 20 ਜੂਨ ਨੂੰ ਇੱਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਦੀ ਯਾਦ ਨੂੰ ਸਮਰਪਿਤ ਹਰ ਸਾਲ ‘ਟਰੈਫ਼ਿਕ ਜਾਗਰੂਕਤਾ ਸੈਮੀਨਾਰ’ ਦਾ ਆਯੋਜਨ ਕਰ ਕੇ ਸੜਕੀ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਸੜਕੀ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨੇ ਅੰਕੜਿਆਂ ਦੇ ਆਧਾਰ ਦੇ ਵਧ ਰਹੇ ਸੜਕੀ ਹਾਦਸਿਆਂ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ।
ਇਸ ਦੌਰਾਨ ਫ਼ਸਟ ਏਡ ਮਾਸਟਰ ਟਰੇਨਰ ਸ੍ਰੀ ਨਰੇਸ਼ ਪਠਾਨੀਆ ਨੇ ਸੜਕੀ ਆਵਾਜਾਈ ਦੇ ਨਿਯਮਾਂ, ਮੁੱਢਲੀ ਸਹਾਇਤਾ (ਫ਼ਸਟ ਏਡ) ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚਾਨਕ ਬਿਮਾਰ ਜਾਂ ਜ਼ਖ਼ਮੀ ਮਨੁੱਖ ਦੀ ਕੀਮਤੀ ਜ਼ਿੰਦਗੀ ਨੂੰ ਬਚਾਉਣ ਲਈ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦਾ ਸਹੀ ਗਿਆਨ ਹਰ ਇੱਕ ਨੂੰ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਉਦਾਹਰਨਾਂ ਸਹਿਤ ਵੱਖ-ਵੱਖ ਪ੍ਰਸਥਿਤੀਆਂ ਅਨੁਸਾਰ ਮੁੱਢਲੀ ਸਹਾਇਤਾ ਦੇਣ ਦੇ ਢੰਗਾਂ ਅਤੇ ਧਿਆਨ ਰੱਖਣ ਯੋਗ ਗੱਲਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਰ ਰੋਜ਼ ਵਾਪਰਨ ਵਾਲੇ ਸੜਕ ਹਾਦਸਿਆਂ ਦਾ ਵੱਡਾ ਕਾਰਨ ਆਵਾਜਾਈ ਸੰਬੰਧੀ ਨਿਯਮਾਂ ਦੀ ਪਾਲਨਾ ਨਾ ਕਰਨਾ ਹੈ। ਉਨ੍ਹਾਂ ਦੱਸਿਆ ਬੀ.ਐਫ.ਜੀ.ਆਈ. ਨੇ ਆਪਣੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੋ ਪਹੀਆ ਵਾਹਨ ਲਈ ਹੈਲਮਟ ਪਹਿਨਣਾ ਅਤੇ ਚਾਰ ਪਹੀਆ ਵਾਹਨ ਲਈ ਸੀਟ ਬੈਲਟ ਲਗਾਉਣਾ ਲਾਜ਼ਮੀ ਕੀਤਾ ਹੋਇਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਬੀ.ਐਫ.ਜੀ.ਆਈ. ਵਿਖੇ ਸਥਾਪਤੀ ਦੇ ਸਮੇਂ ਤੋਂ ਹੀ ਸੋਸ਼ਲ ਵੈੱਲਫੇਅਰ ਵਿਭਾਗ ਦੀ ਸਥਾਪਨਾ ਕਰ ਕੇ ਸੰਸਥਾ ਦੇ ਸਾਰੇ ਵਿਦਿਆਰਥੀਆਂ ਦੇ ਪਿੰਡ ਅਤੇ ਸ਼ਹਿਰ ਪੱਧਰ ‘ਤੇ ਯੂਨਿਟ ਬਣਾਏ ਹੋਏ ਹਨ। ਇਸ ਤਹਿਤ ਵਿਦਿਆਰਥੀਆਂ ਦੁਆਰਾ ਸਮਾਜਿਕ ਬੁਰਾਈਆਂ, ਵਾਤਾਵਰਨ ਸੰਭਾਲ ਅਤੇ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਸਭ ਤੋਂ ਵਧੀਆ ਕੰਮ ਕਰਨ ਵਾਲੇ ਯੂਨਿਟਾਂ ਨੂੰ ਸੰਸਥਾ ਦੇ ਅੰਤਰਰਾਸ਼ਟਰੀ ਫੈਸਟ ‘ਵਿਬਗਿਓਰ’ ਦੌਰਾਨ ਨਕਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਲੋੜ ਪੈਣ ‘ਤੇ ਖ਼ੂਨਦਾਨ ਕਰਨ ਲਈ ਬੀ.ਐਫ.ਜੀ.ਆਈ. ਵਿਖੇ ਬਲੱਡ ਡੋਨਰਜ਼ ਸਕੂਐਡ ਵੀ ਬਣਾਇਆ ਹੋਇਆ ਹੈ ਜਿਸ ਵਿੱਚ ਸੰਸਥਾ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਵਲੰਟੀਅਰ ਤੌਰ ਤੇ ਮੈਂਬਰ ਹਨ ਜੋ ਲੋੜ ਪੈਣ ਤੇ ਖ਼ੂਨਦਾਨ ਕਰਨ ਦੇ ਨਾਲ-ਨਾਲ ਇਸ ਬਾਰੇ ਜਾਗਰੂਕ ਵੀ ਕਰਦੇ ਹਨ । ਉਨ੍ਹਾਂ ਨੇ ਅੱਗੇ ਦੱਸਿਆ ਕਿ ਬੀ.ਐਫ.ਜੀ.ਆਈ. ਵੱਲੋਂ ਸਵ. ਸ. ਕੁਲਦੀਪ ਸਿੰਘ ਗਿੱਲ ਦੀ ਯਾਦ ਵਿੱਚ 24 ਘੰਟੇ ਮੁਫ਼ਤ ਐਂਬੂਲੈਂਸ ਦੀ ਸਹੂਲਤ ਵੀ ਦਿੱਤੀ ਹੋਈ ਹੈੈ ਤਾਂ ਜੋ ਇਲਾਕੇ ਵਿੱਚ ਕਿਸੇ ਵੀ ਬਿਮਾਰ ਜਾਂ ਹਾਦਸਾਗ੍ਰਸਤ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਬੀ.ਐਫ.ਜੀ.ਆਈ. ਵੱਲੋਂ ਪਿਛਲੇ ਕੁੱਝ ਸਾਲਾਂ ਤੋਂ ਐਂਟੀ ਡਰੱਗ ਐਂਡ ਟਰੈਫ਼ਿਕ ਅਵੇਅਰਨੈੱਸ (ਏ.ਡੀ.ਟੀ.ਏ.) ਮੁਹਿੰਮ ਵੱਡੇ ਰੂਪ ਵਿੱਚ ਸ਼ੁਰੂ ਕੀਤੀ ਹੋਈ ਸੀ ਜੋ ਕੋਵਿਡ ਮਹਾਂਮਾਰੀ ਦੌਰਾਨ ਰੁਕ ਗਈ ਹੈ ਪਰੰਤੂ ਹੁਣ ਇਸ ਮੁਹਿੰਮ ਨੂੰ ਦੁਬਾਰਾ ਚਾਲੂ ਕੀਤਾ ਜਾਵੇਗਾ । ਉਨ੍ਹਾਂ ਨੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਆਪਣੇ ਆਪ ਨਾਲ ਪਿਆਰ ਕਰੋ, ਸਿਹਤਯਾਬ ਅਤੇ ਜਾਗਰੂਕ ਰਹੋ ਕਿਉਂਕਿ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ।