“ਬਠਿੰਡਾ ਦਾ ਵਿਕਾਸ ਜਾਂ ਟਾਇਲ ਘਪਲਾ” ਸਾਬਕਾ ਵਿਧਾਇਕ ਦੇ ਖ਼ਜ਼ਾਨਾ ਮੰਤਰੀ ਟੀਮ ਤੇ ਵੱਡੇ ਇਲਜ਼ਾਮ “ਜੀਜਾ-ਸਾਲਾ” ਦਾ ਟਾਈਲਾਂ ਨਾਲ ਖ਼ਾਸ ‘ਪਰੇਮ’ ਚਲਾ ਰਹੇ ਗੋਰਖਧੰਦਾ, ਹੋਵੇ ਵਿਜੀਲੈਂਸ ਜਾਂਚ : ਸਰੂਪ ਸਿੰਗਲਾ
-ਖਾਲੀ ਖਜ਼ਾਨੇ ਦੇ ਖ਼ਜ਼ਾਨਾ ਮੰਤਰੀ ਦੀ ਰਹਿਨੁਮਾਈ ਹੇਠ ਹੋ ਰਿਹਾ ਹੈ ਪੰਜਾਬ ਵਿੱਚ ਘਪਲਾ,ਜਲਦ ਕਰਾਂਗੇ ਖੁਲਾਸਾ --ਸਾਬਕਾ ਵਿਧਾਇਕ ਦੀ ਹਾਜ਼ਰੀ ਵਿਚ ਲੋਕਾਂ ਨੇ ਲਾਏ ਦੋਸ਼, ਵਧੀਆ ਪਈਆਂ ਸੜਕਾਂ ਪੁੱਟ ਕੇ ਲਾਈਆਂ ਜਾ ਰਹੀਆਂ ਪੁਰਾਣੀਆਂ ਟਾਈਲਾਂ ਉਹ ਵੀ ਧਸੀਆਂ
ਬਠਿੰਡਾ 24 ਜੂਨ ( ):- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਪਾਰ ਵਿੰਗ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਇੱਕ ਵਾਰ ਫੇਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੋਜੋ ਜੌਹਲ ਤੇ ਵੱਡੇ ਇਲਜ਼ਾਮ ਲਾਉਂਦਿਆਂ ਬਠਿੰਡਾ ਸ਼ਹਿਰ ਵਿੱਚ ਵਿਕਾਸ ਦੇ ਨਾਂ ਤੇ ਪੁਰਾਣੀਆਂ, ਵਧੀਆ ਪਈਆਂ ਸੜਕਾਂ ਪੁੱਟ ਕੇ ਉਹੀ ਪੁਰਾਣੀਆਂ ਟਾਈਲਾਂ ਲਾ ਕੇ ਵੱਡੇ ਪੱਧਰ ਤੇ ਘਪਲੇ ਬਾਜ਼ੀ ਕਰਨ ਦੇ ਦੋਸ਼ ਲਾਏ ਹਨ । ਜਾਰੀ ਪ੍ਰੈੱਸ ਬਿਆਨ ਰਾਹੀਂ ਸਰੂਪ ਚੰਦ ਸਿੰਗਲਾ ਨੇ ਅੱਜ ਮੀਡੀਆ ਦੇ ਮੁਖਾਤਿਬ ਹੁੰਦਿਆ ਵਾਰਡ ਨੰਬਰ 48 ਦੇ ਅਰਜੁਨ ਨਗਰ ਦੀ ਗਲੀ ਨੰਬਰ ਦੋ ਵਿੱਚ ਮੀਡੀਆ ਨੂੰ ਮੌਕਾ ਦਿਖਾਉਂਦੇ ਹੋਏ ਵੱਡੇ ਇਲਜ਼ਾਮ ਲਾਏ ਅਤੇ ਕਿਹਾ ਕਿ ‘ਜੀਜਾ-ਸਾਲੇ’ ਦਾ ਟਾਈਲਾਂ ਨਾਲ ਖ਼ਾਸ ‘ਪ੍ਰੇਮ’ ਹੈ ਜੋ ਗਲੀਆਂ ਵਿਚ ਪੁਰਾਣੀਆਂ ਵਧੀਆ ਪਈਆਂ ਸੜਕਾਂ, ਟਾਈਲਾਂ ਪੁੱਟ ਕੇ ਉਹੀ ਟਾਈਲਾਂ ਘਟੀਆ ਮਟੀਰੀਅਲ ਵਿਚ ਲਾਈਆਂ ਜਾ ਰਹੀਆਂ ਹਨ, ਜੋ ਅੱਗੇ ਲਾਈਆਂ ਜਾ ਰਹੀਆਂ ਹਨ ਪਿੱਛੇ ਉਹੀ ਸੜਕ ਧੱਸਦੀ ਜਾ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ “ਟਾਈਲ-ਪ੍ਰੇਮ” ਰਾਹੀਂ ਵੱਡਾ “ਗੋਰਖ ਧੰਦਾ” ਕੀਤਾ ਜਾ ਰਿਹਾ ਹੈ, ਜਿਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਇਸ ਗੋਰਖਧੰਦੇ ਦੀ ਅਗਵਾਈ ਜੋਜੋ ਜੌਹਲ ਕਰ ਰਹੇ ਹਨ ਜੋ ਨਗਰ ਨਿਗਮ ਬਠਿੰਡਾ ਦੀ ਮੇਅਰ ਸ੍ਰੀਮਤੀ ਰਮਨ ਗੋਇਲ ਦੀਆਂ ਸਾਰੀਆਂ ਪਾਵਰਾਂ ਖ਼ੁਦ ਵਰਤ ਰਹੇ ਹਨ ਅਤੇ ਵੱਡੀ ਘਪਲੇਬਾਜ਼ੀ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਹੈਰਾਨਗੀ ਇਸ ਗੱਲ ਦੀ ਹੈ ਕਿ ਇਨ੍ਹਾਂ ਘਪਲਿਆਂ ਪ੍ਰਤੀ ਮੇਅਰ ਸਾਹਿਬਾ ਵੀ ਪੂਰੀ ਤਰ੍ਹਾਂ ਚੁੱਪ ਹਨ।ਉਨ੍ਹਾਂ ਇਲਜ਼ਾਮ ਲਾਇਆ ਕਿ ਨਗਰ ਨਿਗਮ ਵਿੱਚ ਕਾਂਗਰਸ ਦੇ ਸਮੂਹ ਕੌਂਸਲਰਾਂ ਦੀ ਸ਼ਕਤੀ ਠੁੱਸ ਕਰਕੇ ਫਾਇਨਾਂਸ ਕਮੇਟੀ ਨੂੰ ਇੱਕ ਕਰੋੜ ਰੁਪਏ ਖਰਚਣ ਦੀਆਂ ਪਾਵਰਾਂ ਦੇ ਕੇ ਕੌਂਸਲਰਾਂ ਨੂੰ ਬੇਵੱਸ ਕਰ ਦਿੱਤਾ ਹੈ ਤਾਂ ਜੋ ਕਰੋੜਾਂ ਰੁਪਏ ਖ਼ਰਚ ਕੇ ਆਪਣੀ ਮੋਟੀ ਕਮਾਈ ਕੀਤੀ ਜਾ ਸਕੇ । ਇਸ ਮੌਕੇ ਗਲੀ ਦੇ ਲੋਕਾਂ ਵੱਲੋਂ ਵੀ ਸਾਬਕਾ ਵਿਧਾਇਕ ਦੀ ਹਾਜ਼ਰੀ ਵਿਚ ਵਰਤੇ ਜਾ ਰਹੇ ਘਟੀਆ ਮਟੀਰੀਅਲ ਨੂੰ ਦਿਖਾਉਂਦੇ ਹੋਏ ਦੋਸ਼ ਲਾਏ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਜਿਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ।ਸ੍ਰੀ ਸਿੰਗਲਾ ਨੇ ਕਿਹਾ ਕਿ ਜੇਕਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਹਿਰ ਬਠਿੰਡਾ ਦੇ ਵਿਕਾਸ ਦਾ ਚਾਅ ਹੈ ਤਾਂ ਉਹ ਪਹਿਲਾਂ ਸਾਢੇ ਚਾਰ ਸਾਲ ਸਰਕਾਰ ਵਿੱਚ ਜਿਹੜੀ ਬਾਦਲ ਰੋਡ ਤੋਂ ਆਉਂਦੇ ਹਨ ਉਸ ਦੀ ਤਾਂ ਮੁਰੰਮਤ ਕਰਵਾ ਦੇਣ ਫਿਰ ਟਾਈਲ ਪ੍ਰੇਮ ਹੀ ਕਿਉਂ ?ਉਨ੍ਹਾਂ ਕਿਹਾ ਕਿ ਖਾਲੀ ਖ਼ਜ਼ਾਨੇ ਦੇ ਖ਼ਜ਼ਾਨਾ ਮੰਤਰੀ ਦੀ ਰਹਿਨੁਮਾਈ ਹੇਠ ਇਹ ਘਪਲਾ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਜਿਸ ਦਾ ਖੁਲਾਸਾ ਆਰ ਟੀ ਆਈ ਰਾਹੀਂ ਲਏ ਜਾ ਰਹੇ ਰਿਕਾਰਡ ਨਾਲ ਜਲਦ ਕੀਤਾ ਜਾਵੇਗਾ ਕਿ ਕਿਵੇਂ ਸਰਕਾਰ ਦੇ ਖਜ਼ਾਨੇ ਨੂੰ ਟਾਈਲਾਂ ਦੇ ਪ੍ਰੇਮ ਰਾਹੀਂ ਜੀਜਾ ਸਾਲੇ ਵੱਲੋਂ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ਹਿਰ ਦੇ ਵਿਕਾਸ ਦਾ ਹਾਮੀ ਹੈ ਪਰ ਵਿਕਾਸ ਦੇ ਨਾਂ ਤੇ ਘਪਲੇ ਨਹੀਂ ਕਰਨ ਦਿੱਤੇ ਜਾਣਗੇ ਵਿਰੋਧੀ ਧਿਰ ਇਸ ਮਸਲੇ ਤੇ ਸਾਰਾ ਸੱਚ ਸਾਹਮਣੇ ਲਿਆਉਣ ਲਈ ਵਚਨਬੱਧ ਹੈ ।ਇਸ ਮੌਕੇ ਉਨ੍ਹਾਂ ਦੇ ਨਾਲ ਨਿਰਮਲ ਸਿੰਘ ਸੰਧੂ, ਰਾਜਵਿੰਦਰ ਸਿੰਘ, ਹਰਪਾਲ ਸਿੰਘ ਢਿੱਲੋਂ, ਮੱਖਣ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਗੋਸਲ, ਹੈਪੀ ਕੰਵਰ ਸਮੇਤ ਹੋਰ ਅਕਾਲੀ ਦਲ ਦੇ ਵਰਕਰ ਵੀ ਹਾਜ਼ਰ ਸਨ ।